ਅੰਤੜੀਆਂ ਦੀ ਜਾਂਚ ਤੁਹਾਡੀ ਜਾਨ ਬਚਾਅ ਸਕਦੀ ਹੈ

ਕੀ ਤੁਹਾਡੀ ਉਮਰ 45 ਤੋਂ 74 ਸਾਲ ਹੈ? ਡਾਕਟਰ ਚਾਹੁੰਦੇ ਹਨ ਕਿ ਤੁਸੀਂ ਮੁਫ਼ਤ ਅੰਤੜੀਆਂ ਦੀ ਜਾਂਚ ਵਾਲਾ ਟੈਸਟ ਕਰਵਾਓ

ਅੰਤੜੀਆਂ ਦੀ ਜਾਂਚ ਤੁਹਾਡੀ ਜਾਨ ਬਚਾਅ ਸਕਦੀ ਹੈ

ਸ਼ਾਇਦ ਤੁਹਾਨੂੰ ਕੋਈ ਨਿਸ਼ਾਨੀਆਂ ਜਾਂ ਲੱਛਣ ਨਾ ਹੋਣ, ਅਤੇ ਤੁਸੀਂ ਆਪਣੇ ਆਪ ਨੂੰ ਸਿਹਤਮੰਦ ਮਹਿਸੂਸ ਕਰ ਰਹੇ ਹੋਵੋ, ਪਰ ਫਿਰ ਵੀ ਤੁਹਾਨੂੰ ਅੰਤੜੀਆਂ ਦਾ ਕੈਂਸਰ ਹੋ ਸਕਦਾ ਹੈ।

ਸਾਡੇ ਭਾਈਚਾਰੇ ਵਿੱਚ ਅੰਤੜੀਆਂ ਦਾ ਕੈਂਸਰ ਆਮ ਹੈ। ਇਹ ਉਸ ਵੇਲੇ ਵੀ ਹੋ ਸਕਦਾ ਹੈ ਜਦੋਂ ਤੁਹਾਡੀ ਖ਼ੁਰਾਕ ਸਿਹਤਮੰਦ ਹੋਵੇ, ਜੀਵਨਸ਼ੈਲੀ ਸਰਗਰਮ ਹੋਵੇ ਅਤੇ ਪਰਿਵਾਰ ਵਿਚ ਕਦੇ ਪਹਿਲਾ ਨਾ ਹੋਇਆ ਹੋਵੇ।

ਹਾਲਾਂਕਿ, ਜੇਕਰ ਅੰਤੜੀਆਂ ਦੇ ਕੈਂਸਰ ਜਲਦੀ ਪਤਾ ਲੱਗ ਜਾਵੇ, ਤਾਂ 90% ਤੋਂ ਵੱਧ ਮਾਮਲਿਆਂ ਵਿੱਚ ਇਸ ਦਾ ਸਫ਼ਲ ਇਲਾਜ ਕੀਤਾ ਜਾ ਸਕਦਾ ਹੈ।

ਜੇਕਰ ਤੁਹਾਡੀ ਉਮਰ 45 ਤੋਂ 74 ਸਾਲ ਦੇ ਵਿਚਕਾਰ ਹੈ, ਤਾਂ ਹਰ 2 ਸਾਲਾਂ ਬਾਅਦ ਅੰਤੜੀਆਂ ਦੀ ਮੁਫ਼ਤ ਜਾਂਚ ਕਰਵਾਓ, ਇਹ ਕੈਂਸਰ ਦਾ ਛੇਤੀ ਪਤਾ ਲਗਾ ਸਕਦੀ ਹੈ ਅਤੇ ਤੁਹਾਡੀ ਜਾਨ ਬਚਾਅ ਸਕਦੀ ਹੈ।

ਅੰਤੜੀਆਂ ਦੇ ਕੈਂਸਰ ਤੋਂ ਆਪਣੀ ਸਿਹਤ ਦੀ ਰੱਖਿਆ ਕਰੋ

ਡਾਕਟਰ ਪੰਜਾਬੀ ਭਾਈਚਾਰੇ ਦੇ ਵਿਕਟੋਰੀਆ ਵਾਸੀਆਂ ਨੂੰ, ਜਿਨ੍ਹਾਂ ਦੀ ਉਮਰ 45 ਤੋਂ 74 ਸਾਲ ਹੈ, ਅੰਤੜੀਆਂ ਦੇ ਕੈਂਸਰ ਦੀ ਜਾਂਚ ਕਰਵਾਉਣ ਲਈ ਪ੍ਰੇਰਿਤ ਕਰ ਰਹੇ ਹਨ, ਤਾਂ ਜੋ ਉਹ ਲੰਮੀ ਅਤੇ ਸਿਹਤਮੰਦ ਜ਼ਿੰਦਗੀ ਜੀ ਸਕਣ।

ਵਿਕਟੋਰੀਆ ਦੇ ਡਾਕਟਰ, ਡਾ. ਮਨਨ ਚੱਢਾ ਕਹਿੰਦੇ ਹਨ ਕਿ ਪੰਜਾਬੀ ਭਾਈਚਾਰੇ ਦੇ ਉਹ ਲੋਕ ਜਿਨ੍ਹਾਂ ਦੀ ਉਮਰ 45 ਤੋਂ 74 ਸਾਲ ਹੈ, ਉਨ੍ਹਾਂ ਨੂੰ ਕੈਂਸਰ ਦੇ ਖ਼ਤਰੇ ਨੂੰ ਘਟਾਉਣ ਲਈ ਅੰਤੜੀਆਂ ਦੀ ਜਾਂਚ ਵਿੱਚ ਜ਼ਰੂਰ ਹਿੱਸਾ ਲੈਣਾ ਚਾਹੀਦਾ ਹੈ।

"ਅੰਤੜੀਆਂ ਦੀ ਜਾਂਚ ਤੁਹਾਡੀ ਸਿਹਤ ਲਈ ਬਹੁਤ ਮਹੱਤਵਪੂਰਨ ਹੈ। ਅਸੀਂ ਚਾਹੁੰਦੇ ਹਾਂ ਕਿ ਹਰ ਕੋਈ ਜੋ ਇਸ ਦੇ ਯੋਗ ਹੈ ਇਸ ਨੂੰ ਤੁਰੰਤ ਕਰੇ। ਭਾਵੇਂ ਤੁਸੀਂ ਤੰਦਰੁਸਤ ਮਹਿਸੂਸ ਕਰਦੇ ਹੋ, ਇਹ ਟੈਸਟ ਤੁਹਾਡੀ ਜਾਨ ਬਚਾ ਸਕਦਾ ਹੈ,” (ਡਾ. ਮਨਨ ਚੱਢਾ, ਮੈਲਬੌਰਨ)

“ਜੇਕਰ ਤੁਹਾਡੀ ਉਮਰ 45 ਤੋਂ 74 ਸਾਲ ਹੈ, ਤਾਂ ਤੁਹਾਨੂੰ ਮੁਫ਼ਤ ਅੰਤੜੀਆਂ ਦੀ ਜਾਂਚ ਦਾ ਟੈਸਟ ਜ਼ਰੂਰ ਕਰਵਾਉਣਾ ਚਾਹੀਦਾ ਹੈ ਅਤੇ ਇੱਕ ਸਿਹਤਮੰਦ ਅਤੇ ਖੁਸ਼ਹਾਲ ਜੀਵਨ ਜੀਣਾ ਜਾਰੀ ਰੱਖਣਾ ਚਾਹੀਦਾ ਹੈ,” (ਡਾ. ਮਨਨ ਚੱਢਾ, ਮੈਲਬੌਰਨ)

 

Dr Manan Chadha

ਕੀ ਮੈਂ ਅੰਤੜੀਆਂ ਦੀ ਜਾਂਚ ਦਾ ਟੈਸਟ ਕਰਵਾਉਣ ਲਈ ਯੋਗ ਹਾਂ?

ਜੇਕਰ ਤੁਹਾਡੀ ਉਮਰ 45 ਤੋਂ 74 ਸਾਲ ਹੈ, ਤਾਂ ਤੁਸੀਂ ਅੰਤੜੀਆਂ ਦੇ ਕੈਂਸਰ ਦੇ ਰਾਸ਼ਟਰੀ ਸਕ੍ਰੀਨਿੰਗ ਪ੍ਰੋਗਰਾਮ ਰਾਹੀਂ ਹਰ 2 ਸਾਲਾਂ ਵਿੱਚ ਇੱਕ ਵਾਰ ਮੁਫ਼ਤ ਅੰਤੜੀਆਂ ਦਾ ਜਾਂਚ ਟੈਸਟ ਕਰਵਾ ਸਕਦੇ ਹੋ।

  • 50 ਤੋਂ 74 ਸਾਲ ਦੀ ਉਮਰ ਦੇ ਲੋਕਾਂ ਨੂੰ, ਹਰ ਦੋ ਸਾਲਾਂ ਬਾਅਦ ਡਾਕ ਰਾਹੀਂ ਅੰਤੜੀਆਂ ਦੀ ਜਾਂਚ ਕਰਨ ਵਾਲਾ ਮੁਫ਼ਤ ਟੈਸਟ ਮਿਲੇਗਾ।
  • 45 ਤੋਂ 49 ਸਾਲ ਦੀ ਉਮਰ ਦੇ ਲੋਕ ਆਪਣੀ ਪਹਿਲੀ ਅੰਤੜੀਆਂ ਦੀ ਜਾਂਚ ਕਿੱਟ ਡਾਕ ਰਾਹੀਂ ਭੇਜੇ ਜਾਣ ਦੀ ਬੇਨਤੀ ਨੈਸ਼ਨਲ ਕੈਂਸਰ ਸਕ੍ਰੀਨਿੰਗ ਰਜਿਸਟਰ ਰਾਹੀਂ ਕਰ ਸਕਦੇ ਹਨ।

45 ਤੋਂ 74 ਸਾਲ ਦੀ ਉਮਰ ਦੇ ਸਾਰੇ ਯੋਗ ਵਿਅਕਤੀ ਆਪਣੇ ਡਾਕਟਰ ਨੂੰ ਮੁਫ਼ਤ ਟੈਸਟ ਕਿੱਟ ਲੈਣ ਬਾਰੇ ਪੁੱਛ ਸਕਦੇ ਹਨ।

ਜੇਕਰ ਅੰਤੜੀਆਂ ਦੀ ਜਾਂਚ ਬਾਰੇ ਤੁਹਾਡੇ ਕੋਈ ਸਵਾਲ ਹਨ, ਤਾਂ ਤੁਹਾਡਾ ਡਾਕਟਰ ਤੁਹਾਡੀ ਮਦਦ ਕਰਨ ਲਈ ਇੱਥੇ ਮੌਜ਼ੂਦ ਹੈ।

ਮੈਂ ਟੈਸਟ ਕਿਵੇਂ ਕਰਾਂ?

ਜਦੋਂ ਤੁਹਾਨੂੰ ਟੈਸਟ ਮਿਲੇ, ਤਾਂ ਇਸਨੂੰ ਖੋਲ੍ਹ ਕੇ ਦੇਖੋ ਕਿ ਅੰਦਰ ਕੀ ਹੈ।

ਇਸ ਵਿੱਚ ਇੱਕ ਫਾਰਮ ਹੁੰਦਾ ਹੈ, ਜਿਸ ਵਿੱਚ ਤੁਸੀਂ ਆਪਣੀ ਜਾਣਕਾਰੀ ਭਰਦੇ ਹੋ, ਅਤੇ ਟੈਸਟ ਕਰਨ ਬਾਰੇ ਹਦਾਇਤਾਂ ਹੁੰਦੀਆਂ ਹਨ।

ਤੁਹਾਨੂੰ ਇਸ ਟੈਸਟ ਨੂੰ ਬਾਥਰੂਮ ਵਿੱਚ ਲੈ ਜਾਣਾ ਚਾਹੀਦਾ ਹੈ ਅਤੇ ਇਸਨੂੰ ਟਾਇਲਟ ਦੇ ਨੇੜੇ ਰੱਖਣਾ ਚਾਹੀਦਾ ਹੈ, ਤਾਂ ਜੋ ਇਹ ਵਰਤੋਂ ਲਈ ਤਿਆਰ ਹੋਵੇ।

ਤੁਹਾਨੂੰ ਆਪਣੀ ਟੱਟੀ ਦੇ ਦੋ ਬਹੁਤ ਛੋਟੇ-ਛੋਟੇ ਨਮੂਨੇ ਇਕੱਠੇ ਕਰਨ ਦੀ ਲੋੜ ਹੁੰਦੀ ਹੈ, ਇਹ ਨਮੂਨੇ ਚੌਲਾਂ ਦੇ ਦਾਣੇ ਤੋਂ ਵੱਡੇ ਨਹੀਂ ਹੋਣੇ ਚਾਹੀਦੇ ਹਨ।

ਇਹ ਨਮੂਨੇ ਇੱਕ ਛੋਟੀ ਟਿਊਬ ਵਿੱਚ ਪਾਏ ਜਾਂਦੇ ਹਨ ਅਤੇ ਫਿਰ ਸਟੋਰ ਕਰਨ ਲਈ ਇੱਕ ਸੀਲ ਕੀਤੀ ਹੋਈ ਥੈਲੀ ਵਿੱਚ ਰੱਖੇ ਜਾਂਦੇ ਹਨ।

ਇਹ ਟੈਸਟ ਝੱਟ-ਪੱਟ ਹੋਣ ਵਾਲਾ, ਸਾਫ਼-ਸੁਥਰਾ ਅਤੇ ਕਰਨ ਵਿੱਚ ਆਸਾਨ ਹੈ, ਅਤੇ ਇਸਨੂੰ ਕਰਨ ਨਾਲ ਤੁਹਾਡੀ ਜਾਨ ਬਚ ਸਕਦੀ ਹੈ।

ਤੁਸੀਂ ਇੱਥੇ ਪੰਜਾਬੀ ਵਿੱਚ ਟੈਸਟ ਦੀਆਂ ਹਿਦਾਇਤਾਂ ਵੇਖ ਸਕਦੇ ਹੋ, ਜੋ ਤੁਹਾਨੂੰ ਦਿਖਾਉਣਗੀਆਂ ਕਿ ਇਹ ਟੈਸਟ ਕਿੰਨਾ ਸੌਖਾ ਹੈ।

ਇਹ ਟੈਸਟ ਕੀ ਲੱਭਦਾ ਹੈ?

ਅੰਤੜੀਆਂ ਦੀ ਜਾਂਚ ਦਾ ਟੈਸਟ ਤੁਹਾਡੀ ਟੱਟੀ ਵਿੱਚ ਬਹੁਤ ਹੀ ਘੱਟ ਮਾਤਰਾ ਵਿੱਚ ਖ਼ੂਨ ਦੀ ਜਾਂਚ ਕਰਦਾ ਹੈ, ਜੋ ਅਕਸਰ ਅੱਖਾਂ ਨਾਲ ਨਹੀਂ ਦਿੱਖਦਾ ਹੈ। ਤੁਹਾਡੀ ਟੱਟੀ ਵਿੱਚ ਖ਼ੂਨ ਦਾ ਹੋਣਾ ਅੰਤੜੀਆਂ ਦੇ ਕੈਂਸਰ ਦੀ ਸ਼ੁਰੂਆਤੀ ਨਿਸ਼ਾਨੀ ਹੋ ਸਕਦਾ ਹੈ।

ਲੱਛਣਾਂ ਦੇ ਨਜ਼ਰ ਆਉਣ ਜਾਂ ਬਿਮਾਰ ਮਹਿਸੂਸ ਕਰਨ ਤੋਂ ਪਹਿਲਾਂ, ਅੰਤੜੀਆਂ ਦੇ ਕੈਂਸਰ ਦਾ ਜਲਦੀ ਪਤਾ ਲੱਗ ਜਾਣਾ ਕੈਂਸਰ ਦਾ ਇਲਾਜ ਕਰਨਾ ਆਸਾਨ ਬਣਾ ਦਿੰਦਾ ਹੈ। ਅੰਤੜੀਆਂ ਦੇ ਕੈਂਸਰ ਦੀ ਜਾਂਚ ਤੁਹਾਨੂੰ ਲੰਬੇ ਸਮੇਂ ਲਈ ਆਪਣੇ ਪਰਿਵਾਰ ਨਾਲ ਇੱਥੇ ਰਹਿਣ ਵਿੱਚ ਮਦਦ ਕਰ ਸਕਦੀ ਹੈ।

ਕੀ ਤੁਹਾਡੇ ਕੋਈ ਸਵਾਲ ਹਨ?

ਨੈਸ਼ਨਲ ਬੋਅਲ ਕੈਂਸਰ ਸਕ੍ਰੀਨਿੰਗ ਪ੍ਰੋਗਰਾਮ ਨਾਲ ਉਹਨਾਂ ਦੀ ਵੈੱਬਸਾਈਟ 'ਤੇ ਜਾ ਕੇ ਸੰਪਰਕ ਕਰੋ।

ਨੈਸ਼ਨਲ ਕੈਂਸਰ ਸਕ੍ਰੀਨਿੰਗ ਰਜਿਸਟਰ ਤੋਂ ਨਵੀਂ ਟੈਸਟ ਕਿੱਟ ਇੱਥੇ ਜਾ ਕੇ ਆਰਡਰ ਕਰੋ ਜਾਂ 1800 627 701 ‘ਤੇ ਕਾਲ ਕਰੋ।

ਵਧੇਰੇ ਜਾਣਕਾਰੀ ਲਈ ਨੈਸ਼ਨਲ ਬੋਅਲ ਕੈਂਸਰ ਸਕ੍ਰੀਨਿੰਗ ਪ੍ਰੋਗਰਾਮ ਜਾਣਕਾਰੀ ਪੁਸਤਿਕਾ ਡਾਊਨਲੋਡ ਕਰੋ।