ਵੱਡੀ ਆਂਤੜੀ ਦਾ ਕੈਂਸਰ

ਲੰਮੀ ਉਮਰ ਭੋਗਣ ਲਈ ਸਾਦਾ ਜਿਹਾ ਘਰੇਲੂ ਟੈਸਟ ਕਰੋ – ਆਪਣੇ ਲਈ ਅਤੇ ਆਪਣੇ ਪਰਿਵਾਰ ਲਈ ਵੀ।

ਵੱਡੀ ਆਂਤੜੀ ਦਾ ਕੈਂਸਰ, ਆੱਸਟ੍ਰੇਲੀਆ ਦੇ ਜ਼ਿਆਦਾਤਰ, ਘਾਤਕ ਕੈਂਸਰਾਂ ਵਿੱਚੋਂ ਦੂਜੇ ਨੰਬਰ ਤੇ ਹੈ।ਇਹ, ਲੱਛਣ ਦਿਖਾਈ ਦੇਣ ਦੇ ਬਗੈਰ ਹੀ ਵਿਕਸਤ ਹੋ ਸਕਦਾ ਹੈ ਅਤੇ ਇਹ ੫੦ ਸਾਲ ਜਾਂ ਉੱਪਰ ਉਮਰ ਦੇ ਲੋਕਾਂ ਨੂੰ ਜ਼ਿਆਦਾ ਪ੍ਰਭਾਵਤ ਕਰਨ ਦੀ ਸੰਭਾਵਨਾ ਰੱਖਦਾ ਹੈ ਭਾਵੇਂ ਕਿ ਇਹ, ਉਹਨਾਂ ਦੇ ਪਰਿਵਾਰ ਦੇ ਪਿਛੋਕੜ (ਇਤਿਹਾਸ) ਵਿੱਚ ਨਾ ਵੀ ਹੋਵੇ, ਜਾਂ ਉਹ ਸਿਹਤਮੰਦ ਹੀ ਮਹਿਸੂਸ ਕਰਦੇ ਹੋਣ।

ਚੰਗੀ ਖਬਰ ਇਹ ਹੈ ਕਿ, ਜੇ ਜਲਦੀ ਪਤਾ ਲੱਗ ਜਾਵੇ, 90 ਪ੍ਰਤੀਸ਼ਤ ਆਂਤੜੀ ਕੈਂਸਰਾਂ ਦਾ ਸਫਲਤਾ-ਪੂਰਵਕ ਇਲਾਜ ਕੀਤਾ ਜਾ ਸਕਦਾ ਹੈ। ਇਸੇ ਕਰਕੇ ਹੀ ਜਾਂਚ ਪੜਤਾਲ ਇੰਨੀ ਮਹੱਤਵਪੂਰਨ ਹੈ। 

ਜੇ ਤੁਹਾਡੀ ਉਮਰ 50 ਤੋਂ 74 ਸਾਲ ਦੇ ਵਿਚਕਾਰ ਹੈ, ਤੁਹਾਨੂੰ ਸਰਕਾਰ ਵੱਲੋਂ ਮੁਫਤ ਘਰੇਲੂ ਪਰਖ-ਕਿਟ ਮਿਲੇਗੀ। ਅਹਿਮ ਗੱਲ ਇਹ ਹੈ ਕਿ ਸਾਰੇ ਆਦਮੀ ਅਤੇ ਔਰਤਾਂ, ਭਾਵੇਂ ਉਹ ਕੋਈ ਵੀ ਭਾਸ਼ਾ ਬੋਲਦੇ ਹੋਣ ਜਾਂ ਕਿੰਨੇ ਹੀ ਚਿਰ ਤੋਂ ਉਹ ਆੱਸਟ੍ਰੇਲੀਆ ਵਿੱਚ ਹੋਣ, ਉਹ ਇਹ ਟੈਸਟ ਕਰ ਲੈਣ, ਜਦ ਉਹਨਾਂ ਦੇ ਘਰ ਭੇਜਿਆ ਜਾਂਦਾ ਹੈ।

ਇਹ ਟੈਸਟ ਕੀ ਹੈ ?

ਆਂਤੜੀ ਕੈਂਸਰ ਦੀ ਜਾਂਚ, ਇੱਕ ਸਰਲ ਟੈਸਟ ਹੈ ਜਿਹੜਾ ਘਰ ਵਿੱਚ ਹੀ ਕੀਤਾ ਜਾ ਸਕਦਾ ਹੈ। ਇਹ ਟੈਸਟ ਤੁਹਾਡੇ ਮਲ-ਤਿਆਗ (ਟੱਟੀ) ਵਿੱਚ ਲਹੂ ਦੇ ਕਣਾਂ ਦੀ ਹੋਂਦ ਦਾ ਪਤਾ ਲਾਉਂਦਾ ਹੈ ਜਿਹੜੇ ਮਨੁੱਖੀ ਅੱਖ ਨੂੰ ਉਂਜ ਦਿਖਾਈ ਨਹੀਂ ਦਿੰਦੇ ਅਤੇ ਇਹ ਆਂਤੜੀ ਕੈਂਸਰ ਦਾ ਸੰਕੇਤ ਹੋ ਸਕਦਾ ਹੈ।

ਇਹ ਟੈਸਟ ਕਿਵੇਂ ਹੁੰਦਾ ਹੈ ?

ਟੈਸਟ ਸਿਰੇ ਚਾੜ੍ਹਣ ਲਈ, ਕਿਟ ਦੀ ਵਰਤੋਂ ਕਰਕੇ, ਦੋ ਵਾਰੀ ਮਲ-ਤਿਆਗ ਦੇ ਛੋਟੇ ਜਿਹੇ ਨਮੂਨੇ (ਸੈਂਪਲ) ਲੈਣ ਦੀ ਲੋੜ ਹੈ। ਇਸ ਦਾ ਵਿਸ਼ਲੇਸ਼ਣ ਰੋਗ-ਵਿਗਿਆਨ ਪ੍ਰਯੋਗਸ਼ਾਲਾ ਵਿੱਚ ਕੀਤਾ ਜਾਂਦਾ ਹੈ। 
ਇਹ ਵਿਧੀ ਝੱਟਪੱਟ, ਸਰਲ ਅਤੇ ਸਾਫ-ਸੁਥਰੇ ਢੰਗ ਨਾਲ ਹੋਣ ਵਾਲੀ ਹੈ। 
ਟੈਸਟ ਕਰਾਉਣ ਵਾਲੇ ਦੇ, ਫਾਰਮ ਤੇ ਇਕੱਠੇ ਕੀਤੇ ਜਾਣ ਵਾਲੇ  ਵੇਰਵੇ, ਗੁਪਤ ਰੱਖੇ ਜਾਂਦੇ ਹਨ। 

ਮੈਨੂੰ ਟੈਸਟ ਕਦੋਂ ਮਿਲੇਗਾ ?

2020 ਤੋਂ ਸਾਰੇ ਹੀ 50 ਤੋਂ 74 ਸਾਲ ਵਾਲੇ ਯੋਗ ਆੱਸਟ੍ਰੇਲੀਆ ਵਸਨੀਕਾਂ ਨੂੰ ਹਰ ਦੋ ਸਾਲ ਬਾਅਦ ਇਸ ਨਿਰੀਖਣ ਲਈ ਸੱਦਾ ਦਿੱਤਾ ਜਾਵੇਗਾ।
ਜੇ ਤੁਹਾਨੂੰ ਕਿਟ ਨਹੀਂ ਮਿਲਦੀ, ਆਪਣੀ ਭਾਸ਼ਾ ਵਿੱਚ ਕਿਸੇ ਨਾਲ ਗੱਲ ਕਰਨ ਲਈ 13 14 50 ਤੇ ਫੋਨ ਕਰੋ ਅਤੇ Cancer Council (ਕੈਂਸਰ ਕੌਂਸਲ) ਨਾਲ ਗੱਲ ਕਰਾਉਣ ਲਈ ਕਹੋ ਜਾਂ ਆਪਣੇ ਜੀ. ਪੀ. ਨਾਲ ਗੱਲ ਕਰੋ।